Friday, June 18, 2021
ਗੁਗੂਦੁਆਰਾ ਗੁਗੂ ਕਾ ਬਾਗ Gurudwara Guru ka Bagh
ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | ਕਿਹਾ ਜਾਂਦਾ ਹੈ ਕਿ ਵੱਲ੍ਹਾ (ਅੰਮਿ੍ਤਸਰ) ਤੋਂ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਨ 1664 ‘ਚ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਆਏ ਅਤੇ ਇੱਥੇ ਤਕਰੀਬਨ 9 ਮਹੀਨੇ, 9 ਦਿਨ, 9 ਘੜੀਆਂ ਇਸ ਜਗ੍ਹਾ ‘ਤੇ ਠਹਿਰੇ ਅਤੇ ਤਪ ਕੀਤਾ | ਪਹਿਲਾਂ ਇਸ ਥਾਂ ਨੂੰ ਗੁਰੂ ਕੀ ਰੌੜ (ਭਾਵ ਬੰਜਰ ਜ਼ਮੀਨ ਵਾਲਾ ਖੇਤਰ) ਕਿਹਾ ਜਾਂਦਾ ਸੀ | ਫਿਰ ਗੁਰੂ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਇੱਥੇ ਖੂਹ ਖੁਦਵਾਇਆ ਅਤੇ ਬੰਜਰ ਜ਼ਮੀਨ ਨੂੰ ਬਾਗ਼ ‘ਚ ਬਦਲਣ ਲਈ ਆਦੇਸ਼ ਦਿੱਤਾ | ਗੁਰੂ ਜੀ ਨੇ ਇੱਥੇ ਬਾਗ਼ ਲਗਾਉਣ ਤੋਂ ਬਾਅਦ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ਼, ਉਹਨੂੰ ਲੱਗਣਗੇ ਦੂਣੇ ਭਾਗ’ ਫਿਰ ਇਹ ਅਸਥਾਨ ਗੁਰੂ ਕਾ ਬਾਗ਼ ਵਜੋਂ ਪ੍ਰਸਿੱਧ ਹੋਇਆ | ਗੁਰੂ ਜੀ ਰੋਜ਼ਾਨਾ ਇੱਥੇ ਇਕ ਥੜੇ੍ਹ ‘ਤੇ ਬੈਠ ਕੇ ਆਪ ਨਾਮ ਜਪਦੇ ਅਤੇ ਸੰਗਤਾਂ ਨੂੰ ਨਾਮ ਜਪਾਇਆ ਕਰਦੇ ਸਨ | ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਗੁਰਬਾਣੀ ਸਰਵਨ ਕਰਕੇ ਅਥਾਹ ਖ਼ੁਸ਼ੀਆਂ ਪ੍ਰਾਪਤ ਕਰਦੀਆਂ | ਜਿੱਥੇ ਗੁਰੂ ਜੀ...
ਭਜਨ ਬੰਦਗੀ ਕਰਿਆ ਕਰਦੇ ਸਨ, ਉਸ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ‘ਚ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਸੁਸ਼ੋਭਿਤ ਹੈ | ਜਿੱਥੇ ਰੋਜ਼ਾਨਾ ਹੀ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ | ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ | ਗੁਰਦੁਆਰਾ ਗੁਰੂ ਕਾ ਬਾਗ਼ ਦੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਦੋ ਨਾਨਕ ਨਾਮ ਲੇਵਾ ਸਿੱਖ ਭਾਈ ਮਸਤੂ ਤੇ ਭਾਈ ਲਾਲ ਚੰਦ ਦੇ ਘਰ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਸਨ | ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ | ਇੱਥੇ ਨੇੜੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਖੁਦਵਾਇਆ ਖੂਹ ਅੱਜ ਵੀ ਮੌਜੂਦ ਹੈ | ਕਿਹਾ ਜਾਂਦਾ ਹੈ ਕਿ ਉਸ ਸਮੇਂ ਮਾਤਾ ਗੁਜਰੀ ਵੀ ਗੁਰੂ ਜੀ ਦੇ ਨਾਲ ਸਨ ਅਤੇ ਇੱਥੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਮਾਤਾ ਗੁਜਰੀ ਦੀ ਯਾਦ ‘ਚ ਬਹੁਤ ਵੱਡਾ ਮਾਤਾ ਗੁਜਰੀ ਲੰਗਰ ਵੀ ਬਣਾਇਆ ਗਿਆ ਹੈ | ਇਨ੍ਹਾਂ ਅਸਥਾਨਾਂ ਦੀ ਕਾਰ ਸੇਵਾ ਬਾਬਾ ਹਜ਼ਾਰਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ਼ ਵਾਲਿਆਂ ਦੇ ਚਰਨ ਸੇਵਕ ਮਹਾਂਪੁਰਸ਼ ਬਾਬਾ ਅਜੈਬ ਸਿੰਘ ਮੱਖਣਵਿੰਡੀ ਦੀ ਅਗਵਾਈ ਹੇਠ ਚੱਲ ਰਹੀ ਹੈ |
Subscribe to:
Post Comments (Atom)
No comments:
Post a Comment